Saturday, June 18, 2016

ਕੈਪਟਨ ਸਾਹਮਣੇ ਹੀ ਸਟੇਜ 'ਤੇ ਗੁਥਮ-ਗੁੱਥਾ ਹੋਏ ਕਾਂਗਰਸੀ, ਪੱਗਾਂ ਵੀ ਲੱਥੀਆਂ

ਲੰਬੀ/ਸ੍ਰੀ ਮੁਕਤਸਰ ਸਾਹਿਬ, (ਜਟਾਣਾ, ਤਨੇਜਾ)- ਬਾਦਲਾਂ ਦੇ ਗੜ੍ਹ ਮੰਨੇ ਜਾਂਦੇ ਅਤੇ ਮੁੱਖ ਮੰਤਰੀ ਦੇ ਆਪਣੇ ਵਿਧਾਨ ਸਭਾ ਹਲਕੇ ਲੰਬੀ ਵਿਖੇ ਕਾਂਗਰਸ ਵੱਲੋਂ ਨੌਕਰੀ ਘਪਲੇ ਦੇ ਵਿਰੋਧ ਵਿਚ ਰੱਖਿਆ ਗਿਆ ਧਰਨਾ ਉਸ ਸਮੇਂ ਹਾਸੋਹੀਣੀ ਸਥਿਤੀ ਵਿਚ ਤਬਦੀਲ ਹੋ ਗਿਆ, ਜਦ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਟੇਜ 'ਤੇ ਪਹੁੰਚਦੇ ਹੀ ਕਾਂਗਰਸੀ ਆਗੂ ਆਪਸ ਵਿਚ ਗੁਥਮ-ਗੁੱਥੀ ਹੋ ਗਏ। ਇਸ ਦੌਰਾਨ ਕਾਂਗਰਸੀ ਵਰਕਰਾਂ ਨੇ ਇਕ-ਦੂਜੇ 'ਤੇ ਜੁੱਤੀਆਂ ਤੱਕ ਚਲਾਈਆਂ ਅਤੇ ਕਈਆਂ ਦੀਆਂ ਪੱਗਾਂ ਵੀ ਲੱਥ ਗਈਆਂ।
ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਲੰਬੀ ਹਲਕੇ ਦੇ ਦੋ ਮੁੱਖ ਕਾਂਗਰਸੀ ਧੜਿਆਂ ਵਿਚਕਾਰ ਚਿੰਗਾਰੀ ਤਾਂ ਲੰਬੇ ਸਮੇਂ ਤੋਂ ਹੀ ਸੁਲਗ ਰਹੀ ਸੀ ਪਰ ਇਕ ਧੜੇ ਨਾਲ ਸਬੰਧਿਤ ਵਰਕਰ ਜਸਪਾਲ ਸਿੰਘ ਕਾਲੂ ਆਪਣੇ ਆਗੂ ਦੇ ਸੰਬੋਧਨ ਕਰਦਿਆਂ ਦੀ ਮੂਵੀ ਬਣਾ ਰਿਹਾ ਸੀ ਅਤੇ ਦੂਜੇ ਧੜੇ ਦੇ ਆਗੂ ਵੱਲੋਂ ਉਸ ਨੂੰ ਰੋਕਿਆ ਗਿਆ ਕਿਉਂਕਿ ਸਾਹਮਣੇ ਬੈਠੀ ਪਬਲਿਕ ਅਤੇ ਇਕ ਸਾਈਡ 'ਤੇ ਖੜ੍ਹੇ ਪੱਤਰਕਾਰਾਂ ਨੂੰ ਵੀ ਪ੍ਰੇਸ਼ਾਨੀ ਹੋ ਰਹੀ ਸੀ ਪਰ ਦੋਵਾਂ ਧੜਿਆਂ ਦੀ ਸੁਲਗਦੀ ਚਿੰਗਾਰੀ ਮੌਕਾ ਮਿਲਦੇ ਹੀ ਭਾਂਬੜ ਬਣ ਗਈ ਅਤੇ ਕੈਪਟਨ ਦੇ ਸਾਹਮਣੇ ਸਟੇਜ 'ਤੇ ਛਿੱਤਰੋ-ਛਿੱਤਰੀ ਹੁੰਦੇ ਇਹ ਵਰਕਰ ਸਟੇਜ ਤੋਂ ਥੱਲੇ ਉਤਰ ਗਏ ਅਤੇ ਇਕ ਵਰਕਰ ਦੀ ਪੱਗ ਤੱਕ ਲੱਥ ਗਈ। ਬੜੀ ਮੁਸ਼ੱਕਤ ਨਾਲ ਸੀਨੀਅਰ ਆਗੂਆਂ ਨੇ ਸਥਿਤੀ ਨੂੰ ਕਾਬੂ ਵਿਚ ਕੀਤਾ ਅਤੇ ਫਿਰ ਤੋਂ ਬੁਲਾਰਿਆਂ ਨੇ ਬੋਲਣਾ ਸ਼ੁਰੂ ਕੀਤਾ।
ਕਾਂਗਰਸ ਦੇ ਸੀਨੀਅਰ ਆਗੂਆਂ ਵੱਲੋਂ ਬੜੇ ਜੋਸ਼ੀਲੇ ਢੰਗ ਨਾਲ ਆਪਣੇ ਵਰਕਰਾਂ ਨੂੰ ਅਕਾਲੀਆਂ ਦੀ ਕੇਬਲ, ਸ਼ਰਾਬ ਠੇਕਿਆਂ ਅਤੇ ਬੱਸਾਂ ਆਦਿ ਨੂੰ ਉਖਾੜ ਸਿੱਟਣ ਲਈ ਲਲਕਾਰਿਆ ਜਾ ਰਿਹਾ ਸੀ ਕਿ ਸਟੇਜ 'ਤੇ ਖੁਦ ਦੇ ਆਗੂਆਂ ਨੂੰ ਸੰਭਾਲਣ ਦੀ ਨੌਬਤ ਆ ਗਈ।
ਜ਼ਿਕਰਯੋਗ ਹੈ ਕਿ ਕਾਂਗਰਸ 'ਚ ਚੱਲ ਰਹੀ ਭਾਰੀ ਫੁੱਟ ਦਾ ਨਤੀਜਾ ਕਾਂਗਰਸ ਦੀ ਹਰ ਰੈਲੀ ਵਿਚ ਸਾਹਮਣੇ ਆਉਂਦਾ ਹੈ ਅਤੇ ਇਸ ਫੁੱਟ ਨਾਲ ਉਹ ਅਕਾਲੀ ਦਲ ਦਾ ਮੁਕਾਬਲਾ ਕਿੱਥੋਂ ਤੱਕ ਕਰ ਸਕੇਗੀ ਇਹ ਮੁੱਦਾ ਹਮੇਸ਼ਾ ਆਮ ਵੋਟਰ ਲਈ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਅੱਜ ਦੇ ਇਸ ਧਰਨੇ ਵਿਚ ਵੀ ਲੰਬੀ ਦੇ ਦੋ ਮੁੱਖ ਧੜਿਆਂ ਦੀ ਦਾਅਵੇਦਾਰੀ ਵੀ ਇਸ ਫੁੱਟ ਦਾ ਹੀ ਹਿੱਸਾ ਬਣ ਕੇ ਸਾਹਮਣੇ ਆਈ, ਜਦ ਸਾਬਕਾ ਕੇਂਦਰੀ ਮੰਤਰੀ ਗੁਰਨਾਮ ਸਿੰਘ ਦੇ ਸਪੁੱਤਰ ਜਗਪਾਲ ਸਿੰਘ ਅਬੁੱਲਖੁਰਾਣਾ ਅਤੇ ਕਾਂਗਰਸ ਦੇ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਗੁਰਮੀਤ ਸਿੰਘ ਖੁੱਡੀਆਂ ਦੋਵਾਂ ਦੇ ਘਰਾਂ ਵਿਚ ਕੈਪਟਨ ਦੀ ਚਾਹ ਦਾ ਪ੍ਰੋਗਰਾਮ ਸੀ ਅਤੇ ਦੋਵਾਂ ਧੜਿਆਂ ਵੱਲੋਂ ਆਪਣਾ-ਆਪਣਾ ਇਕੱਠ ਦਿਖਾ ਕੇ ਹਲਕੇ ਵਿਚ ਟਿਕਟ ਦੀ ਦਾਅਵੇਦਾਰੀ ਪੇਸ਼ ਕੀਤੀ ਗਈ।

Subscribe to get more videos :